ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾਮੀਰਾ ਸਰ੍ਹੋਂ ਤੇ ਫਲ੍ਹਾਈ ਦੇ
ਕੇਸੂ ਕਚਨਾਰ ਨੀ ਸ਼ਰ੍ਹੀਹ ਤੇ ਅਮਲਤਾਸ ਤੇਰੇ ਲਈ ਹੀ ਖੇਤਾਂ 'ਚ ਉਗਾਈਦੇ
ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿੱਚ ਲਾਵਾਂ ਦੇਖੀਂ ਡਿੱਗੇ ਨਾ ਖ਼ਿਆਲ ਜਰਾ ਰੱਖ ਨੀ
ਕਾਸ਼ਣੀ ਜਿਹੇ ਰੰਗੇ ਨੀ ਧਰੇਕ ਵਾਲੇ ਫੁੱਲ ਤੇਰੀ ਚੁੰਨੀ ਤੇ ਲਗਾਵਾਂ ਸਵਾ ਲੱਖ ਨੀ
ਚਰ੍ਹੀ ਦਿਆਂ ਸਿੱਟਿਆਂ ਦਾ ਬਣੂੰਗਾ ਪਰਾਂਦਾ ,ਫੁੱਲ ਸਣ ਵਾਲੇ ਗੋਟਿਆਂ ਨੂੰ ਲਾਈਦੇ
ਅਲਸੀ ਦੇ ਫੁੱਲਾਂ ਦੇ ਬਣਾ ਲਵਾਂਗੇ ਗਜਰੇ ਨੀ ਹਾਰ ਟਿੱਕਾ ਝਾਂਜਰਾਂ ਤੇ ਬੁੰਦੇ ਨੀ
ਕਣਕਾਂ ਦੇ ਸਿੱਟਿਆਂ ਦੇ ਬਣੂੰਗੇ ਕਲਿੱਪ ਮੈਂ ਉਡੀਕਦਾ ਸੁਨੈਹਰੀ ਕਦੋਂ ਹੁੰਦੇ ਨੀ
ਮੀਢੀਆਂ ਗੁੰਦਾ ਕੇ ਚੁੰਨੀ ਗਲ ਵਿੱਚ ਪਾ ਕੇ ਨੀ ਇਹ ਜਾਣ ਜਾਣ ਲੋਕਾਂ ਨੂੰ ਵਿਖਾਈਦੇ
ਕਿੱਕਰਾਂ ਦੇ ਫੁੱਲਾਂ ਦਾ ਨਿਮਾਣਿਆ ਦਾ ਮਾਣ ਰੱਖੀਂ ਇੱਕ-ਦੋ ਕੁ ਮੁੰਦੀਆਂ ਬਣਾ ਲਵੀਂ
ਮਿੱਠੇ-ਮਿੱਠੇ ਫੁੱਲ ਨੇ ਸਫੇਦਿਆਂ ਤੋਂ ਕਿਰੀ ਜਾਂਦੇ ਚੁੱਕ ਕੇ ਹੋਠਾਂ ਦੇ ਨਾਲ ਲਾ ਲਵੀਂ
ਟਾਹਣੀ ਉੱਤੇ ਲੱਗਿਆਂ ਦਾ ਮੁੱਲ ਪਾਉਂਦੇ ਲੱਖਾਂ ਨੀਂ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ
ਮਰੂਏ ਦਾ ਬੂਟਾ ਇੱਕ ਲਾਇਆ ਓਹਦੇ ਉੱਤੇ ਸੋਹਣੇ ਹੱਥਾਂ ਨਾਲ ਪਾਣੀ ਛਿੜਕਾ ਜਾ ਨੀ
ਲਹਿੰਗਾ ਬਣਵਾਇਆ ਲਾਜਵੰਤੜੀ ਦਾ ਦੇਖੀਂ ਹੈਗਾ ਮੇਚ ਜਰਾ ਪਾ ਕੇ ਤਾਂ ਵਿਖਾ ਜਾ ਨੀ
ਕਾਹੀ ਦੀਆਂ ਦੁੰਬੀਆਂ ਦੀ ਝਾਲਰ ਬਣਾ ਕੇ ਨੀ ਇਹ ਚੇਤ ਦੀਆਂ ਧੁੱਪਾਂ ਵਿਚ ਪਾਈਦੇ
ਬੂਟਾ ਗੁਲਮੋਹਰ ਦਾ ਲਗਾਵਾਂਗੇ ਜਦੋਂ ਤੂੰ ਓਹਦੇ ਫੁੱਲ ਫੁੱਲਕਾਰੀ ਉੱਤੇ ਲਾਈਂ ਨੀ
ਗੁਲਾਨਾਰੀ ਕੁੜਤੀ ਤੇ ਚਿੱਟੇ ਫੁੱਲ ਪਾਉਣੇ ਜੇ ਤੂੰ ਤਿੰਨ-ਚਾਰ ਦਿਨਾਂ ਲਈ ਆਈਂ ਨੀ
ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ ਕਿ ਦੁਆਬੇ ਵਿਚ ਫੁੱਲ ਨੀ ਕਪਾਹੀ ਦੇ
ਛੱਲੀ ਦੇ ਸੁਨੈਹਰੀ ਵਾਲ ਕਲਗੀ ਨੂੰ ਲਾਵਾਂਗੇ ਤੇ ਦਾਣਿਆਂ ਦਾ ਬਣ ਜੂਗਾ ਦਾਜ ਨੀ
ਆਪੇ ਰੰਗ ਲਵਾਂਗੇ ਗੁਲਾਬੀ ਚੀਰੇ ਚੁੰਨੀਆਂ ਤੇ ਸੁਰਮਾ ਵੀ ਪਾ ਲਊ ' ਸਰਤਾਜ ' ਨੀ
ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਬਾਂਸ ਨੂੰ ਨੀ ਸੁਫ਼ਨੇ ਵੀ ਉਦੋਂ ਹੀ ਵਿਆਹੀਦੇ